‘ਚੱਲ ਮੇਰਾ ਪੁੱਤ 2’ ਜਿਸਦਾ ਬਾਕਮਾਲ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਿਹਾ ਹੈ । ਟ੍ਰੇਲਰ ਤੋਂ ਪਹਿਲਾਂ ਫ਼ਿਲਮ ਦਾ ਪਹਿਲਾ ਗੀਤ ‘ਬੂਟਾਂ ਗਾਲ੍ਹਾਂ ਕੱਢਦਾ ਏ’ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਸੀ । ਹੁਣ ਫ਼ਿਲਮ ਦਾ ਦੂਜਾ ਗੀਤ ‘ਮਜਬੂਰੀ’ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ । ਇਸ ‘ਚ ਭ੍ਰਿਸ਼ਟ ਸਿਆਸਤ ‘ਤੇ ਤੰਜ਼ ਕੱਸਿਆ ਗਿਆ ਹੈ ਤੇ ਨਾਲ ਹੀ ਦੱਸਿਆ ਹੈ ਕਿ ਕਿਉਂ ਪੰਜਾਬੀ ਨੌਜਵਾਨ ਪਰਦੇਸੀ ਹੋ ਰਹੇ ਨੇ । ਨੌਜਵਾਨ ਫਰਜ਼ ਤੇ ਕਰਜ਼ ਦੇ ਬੋਝਾਂ ਨੂੰ ਲੈ ਕੇ ਵਿਦੇਸ਼ਾਂ ਵੱਲ ਮੁੱਖ ਕਰਦੇ ਨੇ । ਜਿੱਥੇ ਉਨ੍ਹਾਂ ਨੇ ਕਈ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਜੇ ਗੱਲ ਕਰੀਏ ‘ਮਜਬੂਰੀ’ ਗਾਣੇ ਦੀ ਤਾਂ ਪੰਜਾਬੀ ਗਾਇਕ ਗੁਰਸ਼ਬਦ ਵੱਲੋਂ ਇਸ ਗੀਤ ਨੂੰ ਗਾਇਆ ਗਿਆ ਹੈ । ਗਾਣੇ ਦੇ ਬੋਲ ਨਾਮੀ ਗੀਤਕਾਰ ਸੱਤਾ ਵੈਰੇਵਾਲੀਆ ਨੇ ਲਿਖੇ ਨੇ ਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ । ਰਿਦਮ ਬੁਆਏਜ਼ ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਿਲਾਂ ਨੂੰ ਛੂਹਣ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ‘ਚੱਲ ਮੇਰਾ ਪੁੱਤ 2’ ਦੀ ਤਾਂ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ ਪਿਛਲੇ ਸਾਲ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ ।
ਸਾਂਝੇ ਪੰਜਾਬ ਵਾਲੀ ਇਸ ਫ਼ਿਲਮ ਨੂੰ ਵੀ ਜਨਜੋਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।
