ਠੰਡ ਅਤੇ ਬਾਰਿਸ਼ ਹੋਣ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਪਹਾੜਾਂ ‘ਚ ਬਰਫ਼ਬਾਰੀ ਕਾਰਨ ਚੱਲ ਰਹੀ ਸੀਤ ਲਹਿਰ ਨੇ ਮੈਦਾਨੀ ਇਲਾਕਿਆਂ ‘ਚ ਕਾਂਬਾ ਛੇੜ ਦਿੱਤਾ ਹੈ। ਚੰਡੀਗੜ੍ਹ ‘ਚ ਘੱਟੋ-ਘੱਟ ਪਾਰਾ 9.4 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਵਧ ਤੋਂ ਵਧ ਤਾਪਮਾਨ ‘ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਆਮ ਨਾਲੋਂ ਅੱਠ ਡਿਗਰੀ ਘੱਟ ਰਹਿ ਕੇ ਇਹ ਚੰਡੀਗੜ੍ਹ ‘ਚ 13.1 ਡਿਗਰੀ ਦਰਜ ਕੀਤਾ ਗਿਆ। ਇਸੇ ਦਰਮਿਆਨ ਵੀਰਵਾਰ ਨੂੰ ਵੀ ਦਿਨ ਭਰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਲੋਕਾਂ ਨੂੰ ਦਿਨ ਵੇਲੇ ਵੀ ਠੰਢ ਤੋਂ ਰਾਹਤ ਨਹੀਂ ਮਿਲੀ।
ਲਗਾਤਾਰ ਪਾਰਾ ਡਿੱਗਣ ਕਾਰਨ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰ ਸ਼ਿਮਲੇ ਤੋਂ ਵੀ ਠੰਢੇ ਰਹੇ। ਜਲੰਧਰ, ਬਠਿੰਡਾ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ ਸ਼ਿਮਲੇ ਤੋਂ ਵੀ ਘੱਟ ਰਿਹਾ। ਠੰਢ ਕਾਰਨ ਬਠਿੰਡੇ ‘ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਵੀਰਵਾਰ ਨੂੰ ਜਲੰਧਰ ਦਾ ਘੱਟੋ-ਘੱਟ ਤਾਪਮਾਨ 6.0, ਬਠਿੰਡੇ ਦਾ 5.8 ਤੇ ਪਟਿਆਲੇ ਦਾ 5.5 ਡਿਗਰੀ ਸੈਲਸੀਅਸ ਰਿਹਾ ਜਦਕਿ ਸ਼ਿਮਲੇ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਸਭ ਤੋਂ ਜ਼ਿਆਦਾ ਗਿਰਵਾਟ ਦਰਜ ਕੀਤੀ ਗਈ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 12.8 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਸੀ। ਚੰਡੀਗੜ੍ਹ ਮੌਸਮ ਵਿਭਾਗ ਦੀ ਮੰਨੀਏ ਤਾਂ ਸਵੇਰ ਵੇਲੇ ਧੁੰਦ ਪਵੇਗੀ ਤੇ ਦਿਨ ਵੇਲੇ ਮੌਸਮ ਸਾਫ਼ ਰਹੇਗਾ। 23 ਦਸੰਬਰ ਨੂੰ ਕਈ ਥਾਈਂ ਮੁੜ ਬੱਦਲਵਾਈ ਹੋਵੇਗੀ। ਲੁਧਿਆਣੇ ਵਿਚ 23 ਤੇ 24 ਦਸੰਬਰ ਨੂੰ ਬਾਰਿਸ਼ ਦੀ ਸੰਭਾਵਨਾ ਹੈ।
ਅਗਲੇ 72 ਘੰਟਿਆਂ ਲਈ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਪੰਜਾਬ ਅਤੇ ਹਰਿਆਣਾ ‘ਚ ਕੋਹਰਾ ਹੋਰ ਸੰਘਣਾ ਹੋਣ ਦੇ ਆਸਾਰ ਹਨ। ਸ਼ੁੱਕਰਵਾਰ ਨੂੰ ਕੋਹਰੇ ਕਾਰਨ ਕੋਲਡ ਡੇਅ ਰਹਿਣ ਦਾ ਅਨੁਮਾਨ ਹੈ। ਕਈ ਥਾਈਂ ਤਾਂ ਸੀਵਰ ਕੋਲਡ ਡੇਅ ਯਾਨੀ ਘੱਟੋ-ਘੱਟ ਤਾਪਮਾਨ ਜ਼ਿਆਦਾ ਡਿੱਗਣ ਦੀ ਗੱਲ ਕਹੀ ਗਈ ਹੈ। ਚੰਡੀਗੜ੍ਹ ‘ਚ ਵੀ ਕੋਹਰੇ ਦਾ ਵੱਡੇ ਪੱਧਰ ‘ਤੇ ਅਸਰ ਦੇਖਣ ਨੂੰ ਮਿਲੇਗਾ।
ਸ਼ਹਿਰ—ਵੱਧ ਤੋਂ ਵੱਧ ਤਾਪਮਾਨ—ਘੱਟੋ-ਘੱਟ ਤਾਪਮਾਨ-ਪਟਿਆਲਾ—15.0—5.5 ਫਿਰੋਜ਼ਪੁਰ—15.6—5.7 ਬਠਿੰਡਾ—15.6—5.8 ਜਲੰਧਰ—13.4—6.0 ਸ਼ਿਮਲਾ—12.0—6.5 ਅੰਮ੍ਰਿਤਸਰ—12.8—8.0 ਲੁਧਿਆਣਾ—13.4—7.0
ਹਿਮਾਚਲ ‘ਚ ਮਨਫ਼ੀ 12 ਡਿਗਰੀ ਨਾਲ ਕੇਲਾਂਗ ਸਭ ਤੋਂ ਠੰਢਾ ਰਿਹਾ
ਸ਼ਿਮਲਾ (ਪੀਟੀਆਈ) : ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ਵਿਚ ਵੀਰਵਾਰ ਨੂੰ ਵੀ ਠੰਢ ਤੋਂ ਕੋਈ ਰਾਹਤ ਨਹੀਂ ਮਿਲੀ। ਕੇਲਾਂਗ ਤੇ ਕਲਪਾ ਵਿਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਸੂਬੇ ਵਿਚ 21 ਦਸੰਬਰ ਤਕ ਭਾਰੀ ਬਾਰਿਸ਼ ਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਲਾਹੌਲ-ਸਪਿਤੀ ਦਾ ਸ਼ਹਿਰ ਕੇਲਾਂਗ ਮਨਫ਼ੀ 12 ਡਿਗਰੀ ਸੈਲਸੀਅਸ ਨਾਲ ਸੂਬੇ ਦੇ ਸਭ ਤੋਂ ਠੰਢਾ ਸਥਾਨ ਰਿਹਾ। ਇਸ ਤੋਂ ਇਲਾਵਾ ਕਲਪਾ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਦਾ ਤਾਪਮਾਨ ਇਕ ਡਿਗਰੀ, ਕੁਫ਼ਰੀ ਦਾ 2.1 ਡਿਗਰੀ, ਸ਼ਿਮਲੇ ਤੇ ਡਲਹੌਜ਼ੀ ਦਾ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸੋਲਨ ਦਾ ਤਾਪਮਾਨ 1.2 ਡਿਗਰੀ, ਧਰਮਸ਼ਾਲਾ ਦਾ 2.1, ਭੁੰਤਰ ਤੇ ਮੰਡੀ ਦਾ 2.4, ਸੁੰਦਰਨਗਰ 3.2, ਚੰਬਾ 4.2, ਪਾਲਮਪੁਰ 4.5, ਨਾਹਨ 5.4, ਊਨਾ 8.3, ਹਮੀਰਪੁਰ 8.7, ਬਿਲਾਸਪੁਰ 9 ਤੇ ਪਾਉਂਟਾ ਸਾਹਿਬ ਦਾ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
