Home / ਤਾਜਾ ਜਾਣਕਾਰੀ / ਭਰਾ ਲਈ ਬਾਦਲ ਦਾ ਝਲਕਿਆ ਪਿਆਰ ਲੋਥ ਵਾਲੇ ਬਕਸੇ ਤੇ ਉਚੀ ਉਚੀ ਭੁਬਾਂ ਮਾਰ ਕਿਹਾ

ਭਰਾ ਲਈ ਬਾਦਲ ਦਾ ਝਲਕਿਆ ਪਿਆਰ ਲੋਥ ਵਾਲੇ ਬਕਸੇ ਤੇ ਉਚੀ ਉਚੀ ਭੁਬਾਂ ਮਾਰ ਕਿਹਾ

ਜਦੋਂ ਛੋਟੇ ਪ੍ਰਤੀ ਵੱਡੇ ਦਾ ‘ਮੋਹ’ ਛਲਕਿਆ

ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਛੋੋਟੇ ਭਰਾ ਪ੍ਰਤੀ ਬੇਅਥਾਹ ਪਿਆਰ ਭਰਿਆ ਵਿਯੋਗ ਵੇਖਣ ਨੂੰ ਮਿਲਿਆ। ਦਾਸ ਦੀ ਮ੍ਰਿਤਕ ਦੇਹ ਵੇਖ ਕੇ ਵੱਡੇ ਬਾਦਲ ਫੁੱਟ ਪਏ ਅਤੇ ਉਨ੍ਹਾਂ ਦੇਹ ਵਾਲੇ ਬਕਸੇ ਉੱਪਰ ਸਿਰ ਰੱਖ ਵਿਰਲਾਪ ਕਰਨ ਲੱਗੇ। ਬਾਦਲ ਨੇ ਗਿਲਾ ਕੀਤਾ ਕਿ ਉਹ ਤਾਂ ਆਖਰੀ ਵਾਰ ਦਾਸ ਜੀ ਨੂੰ ਵੇਖ ਨਾ ਸਕੇ। ਇਸ ਮੌਕੇ ਉਨ੍ਹਾਂ ਆਖਿਆ ਕਿ ਲੋਕੋ ਦਾਸ ਜੀ ਵਰਗਾ ਭਰਾ ਦੁਨੀਆ ਵਿਚ ਨਹੀਂ ਹੋ ਸਕਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਦਿਲਾਸਾ ਦਿੰਦੇ ਸੰਭਾਲਿਆ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ ਬੀਤੀ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਦਾਸ ਜੀ ਦੇ ਨਾਮ ਵਜੋਂ ਜਾਣੇ ਜਾਂਦੇ ਗੁਰਦਾਸ ਸਿੰਘ ਬਾਦਲ ਦੀ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਦਲ ਦੀ ਸਫਲਤਾ ਵਿਚ ਅਹਿਮ ਭੂਮਿਕਾ ਰਹੀ ਹੈ। ਬਹੁਪੱਖੀ ਸਖਸ਼ੀਅਤ ਦੇ ਮਾਲਕ ਗੁਰਦਾਸ ਬਾਦਲ ਦੀ ਜ਼ਿੰਦਗੀ ਦੇ ਕਈ ਰੋਚਕ ਪੱਖ ਸਨ।

ਗੁਰਦਾਸ ਸਿੰਘ ਬਾਦਲ ਦਾ ਜਨਮ 6 ਅਗਸਤ 1931 ਨੂੰ ਨਾਨਕੇ ਪਿੰਡ ਅਬੁਲਖੁਰਾਣਾ ‘ਚ ਮਾਤਾ ਜਸਵੰਤ ਕੌਰ ਦੇ ਕੁਖੋਂ ਰਘੁਰਾਜ ਸਿੰਘ ਢਿੱਲੋਂ ਦੇ ਘਰ ਹੋਇਆ। ਗੁਰਦਾਸ ਸਿੰਘ ਬਾਦਲ 1971 ‘ਚ ਫਾਜ਼ਿਲਕਾ ਪਾਰਲੀਮੈਂਟ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਚੋਣ ਜਿੱਤੇ ਸਨ। 1977 ‘ਚ ਉਹ ਵਿਧਾਨ ਸਭਾ ਹਲਕਾ ਲੰਬੀ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਇਕ ਚੁਣੇ ਗਏ। 1980 ‘ਚ ਉਹ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਬਣੇ। ਉਨ੍ਹਾਂ ਦਾ ਵਿਆਹ ਕਰੀਬ 63 ਸਾਲ ਪਹਿਲਾਂ ਮਾਲਵੇ ਦੇ ਵੱਡੇ ਜਿੰਮੀਦਾਰ ਹਰਚੰਦ ਸਿੰਘ ਫੱਤਣਵਾਲਾ ਦੀ ਬੇਟੀ ਹਰਮੰਦਰ ਕੌਰ ਨਾਲ ਹੋਇਆ ਅਤੇ ਆਪ ਦੇ ਘਰ ਇਕ ਬੇਟੀ ਰਾਜਪ੍ਰੀਤ ਕੌਰ ਅਤੇ ਬੇਟੇ ਮਨਪ੍ਰੀਤ ਸਿੰਘ ਬਾਦਲ ਨੇ ਜਨਮ ਲਿਆ। ਮਨਪ੍ਰੀਤ ਸਿੰਘ ਬਾਦਲ ਹੁਣ ਪੰਜਾਬ ਦੇ ਵਿੱਤ ਮੰਤਰੀ ਹਨ।

ਬਾਦਲ ਦੇ ਸਿਆਸੀ ਯੁੱਧਾਂ ਦੇ ਸਾਰਥੀ ਸਨ: ਗੁਰਦਾਸ ਸਿੰਘ ਬਾਦਲ ਇਕ ਵਾਰ ਪਾਰਲੀਮੈਂਟ ਦੀ ਚੋਣ ਜਿੱਤੇ ਅਤੇ ਇਕ ਵਾਰ ਵਿਧਾਨ ਸਭਾ ਦੀ ਪਰ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੀ ਹਰ ਚੋਣ ਮੁਹਿੰਮ ਕੀ ਸਿਆਸੀ ਜ਼ਿੰਦਗੀ ‘ਚ ਉਨ੍ਹਾਂ ਦੀ ਸਾਰਥੀ ਵਾਲੀ ਭੂਮਿਕਾ ਸੀ। 1957 ਤੋਂ ਲੈ ਕੇ 2007 ਤੱਕ ਦੀਆਂ ਸਾਰੀਆਂ ਚੋਣਾਂ ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਦੇ ਇੰਚਾਰਜ ਹੁੰਦੇ ਸਨ ਅਤੇ ਵੱਡੇ ਬਾਦਲ ਕਿਉਂਕਿ ਪੂਰੀ ਪੰਜਾਬ ਅਤੇ ਕਈ ਵਾਰ ਕੇਂਦਰ ਦੀ ਰਾਜਨੀਤੀ ‘ਚ ਰੁਝੇ ਹੁੰਦੇ ਸਨ ਤਾਂ ਗੁਰਦਾਸ ਸਿੰਘ ਬਾਦਲ ਉਨ੍ਹਾਂ ਦੀਆਂ ਪਿਛਲੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਇਹ ਹੀ ਕਾਰਨ ਹੈ ਕਿ ਪੰਜਾਬ ਦੀ ਸਿਆਸਤ ਵਿਚ ਉਚੇ ਮੁਕਾਮ ਹਾਸਲ ਕਰਨ ਵਾਲੇ ਕਈ ਆਗੂ ਅਤੇ ਪ੍ਰਸਾਸ਼ਨਿਕ ਅਧਿਕਾਰੀ ਹਮੇਸ਼ਾ ਦਾਸ ਜੀ ਦਾ ਸਤਿਕਾਰ ਕਰਦੇ ਰਹੇ।

ਰਾਮ ਲਛਮਨ ਦੀ ਜੋੜੀ ਸੀ ਪਾਸ਼ ਜੀ ਅਤੇ ਦਾਸ ਜੀ ਦੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਲੋਕ ਪਹਿਲਾਂ ਪਾਸ਼ ਜੀ ਅਤੇ ਗੁਰਦਾਸ ਸਿੰਘ ਬਾਦਲ ਨੂੰ ਹੁਣ ਤੱਕ ਵੀ ਲੋਕ ਦਾਸ ਜੀ ਆਖ ਕਿ ਸੰਬੋਧਨ ਕਰਦੇ ਸਨ। ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਦੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨਾਲ ਵਖਰੇਵੇਂ ਪੈਦਾ ਹੋ ਗਏ ਸਨ ਅਤੇ ਪਹਿਲਾਂ ਉਨ੍ਹਾਂ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਅਤੇ ਬਾਅਦ ‘ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਪਰ ਇਸ ਦੇ ਬਾਵਜੂਦ ਦੋਵਾਂ ਭਰਾਵਾਂ ਦੇ ਪਿਆਰ ‘ਚ ਰੱਤੀ ਭਰ ਵੀ ਫਰਕ ਨਹੀਂ ਆਇਆ।

2012 ‘ਚ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੜੀ ਸੀ ਵਿਧਾਨ ਸਭਾ ਦੀ ਚੋਣ: ਸਿਆਸਤ ਵਿਚ ਕਿਸ ਤਰ੍ਹਾਂ ਦੇ ਉਤਰਾਅ ਝੜਾਅ ਆਉਂਦੇ ਹਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਦੋ ਜਿਸਮਾਂ ‘ਚ ਇਕ ਜਾਨ ਅਤੇ ਅੰਤ ਤੱਕ ਭਰਾ ਨਾਲ ਰਾਮ ਲਛਮਣ ਦੀ ਜੋੜੀ ਵਾਲਾ ਪਿਆਰ ਨਿਭਾਉਣ ਵਾਲੇ ਗੁਰਦਾਸ ਸਿੰਘ ਬਾਦਲ ਨੂੰ 2012 ਵਿਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਮੁਕਬਾਲੇ ਚੋਣ ਲੜਨੀ ਪਈ ਜਦੋਂ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਪੀਪਲਜ਼ ਪਾਰਟੀ ਬਣਾ ਕਿ ਸੂਬੇ ਅੰਦਰ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇਸ ਚੋਣ ‘ਚ ਉਮੀਦਵਾਰ ਹੋਣ ਦੇ ਬਾਵਜੂਦ ਵੀ ਗੁਰਦਾਸ ਸਿੰਘ ਬਾਦਲ ਨੇ ਕੋਈ ਬਹੁਤੀ ਸਰਗਰਮੀ ਨਹੀਂ ਕੀਤੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਸਿਆਸੀ ਵਖਰੇਵੇਂ ਦੇ ਬਾਵਜੂਦ ਦੋਵਾਂ ਭਰਾਵਾਂ ਦੇ ਪਿਆਰ ‘ਚ ਕੋਈ ਫਰਕ ਨਹੀਂ ਆਇਆ ਸੀ।

ਸਿਆਸੀ ਸ਼ਰੀਕੇ ਦੇ ਬਾਵਜੂਦ ਦੋਵਾਂ ਪਰਿਵਾਰਾਂ ਵਿਚ ਪੁਲ਼ ਵਾਂਗ ਸਨ। ਆਪਣੇ ਤਾਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਸ਼ਰੀਕ ਬਣੇ ਮਨਪ੍ਰੀਤ ਸਿੰਘ ਬਾਦਲ ਦਾ 2010 ਤੋਂ ਕੋਈ ਸਮਾਜਿਕ ਰਿਸ਼ਤਾ ਨਹੀਂ ਜਾਂ ਵਰਤ ਵਰਤਾ ਨਹੀਂ ਸੀ ਪਰ ਦਾਸ ਜੀ ਫਿਰ ਵੀ ਦੋਵਾਂ ਪਰਿਵਾਰਾਂ ‘ਚ ਪੁੱਲ ਦਾ ਕੰਮ ਕਰ ਰਹੇ ਸਨ। ਸ਼ਾਇਦ ਇਸ ਲਈ ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਦੇ ਦੇਹਾਂਤ ਮੌਕੇ ਨਿਭਾਈਆਂ ਰਸਮਾਂ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਮੋਹਰੀ ਸੀ। ਸਗੋਂ ਸੁਖਬੀਰ ਬਾਦਲ ਨੇ ਆਪਣੀ ਚਾਚੀ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਸੀ।

ਗੁਰਦਾਸ ਸਿੰਘ ਬਾਦਲ ਇਕ ਹਸਮੁੱਖ ਸੁਭਾਅ ਵਾਲੇ ਇਨਸਾਨ ਸਨ। ਪੰਜਾਬ ਵਿਚ ਸਰਕਾਰ ਭਾਵੇਂ ਕੋਈ ਹੁੰਦੀ ਪਰ ਉਨ੍ਹਾਂ ਦੇ ਘਰ ਢਾਣੀ ਤੇ ਮਿਲਣ ਵਾਲੇ ਲੋਕਾਂ ਦੀ ਭੀੜ ਰਹਿੰਦੀ। ਉਹ ਆਪਣੇ ਨਿੱਜੀ ਸੁਭਾਅ ਕਰਕੇ ਲੋਕਾਂ ਦੇ ਕੰਮ ਧੰਦਿਆਂ ਲਈ ਸਰਕਾਰੇ ਦਰਬਾਰੇ ਫੋਨ ਕਰਦੇ ਰਹਿੰਦੇ। ਇਸ ਤੋਂ ਇਲਾਵਾ ਹਮੇਸ਼ਾ ਉਨ੍ਹਾਂ ਦੀਆਂ ਗੱਲਾਂ ਵਿਚ ਹਾਸੇ ਠੱਠੇ ਵਾਲੇ ਟੋਟਕੇ ਹੁੰਦੇ ਜਿਹੜਾ ਉਨ੍ਹਾਂ ਦੀ ਖੁਸ਼ਨੁਮਾ ਸੁਭਾਅ ਦਾ ਵੱਡਾ ਪਹਿਲੂ ਸੀ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰੌਣਕ ਲੱਗੀ ਰਹਿੰਦੇ।

ਬੇਸ਼ੱਕ 19 ਮਾਰਚ 2020 ਨੂੰ ਉਨ੍ਹਾਂ ਦੀ ਪਤਨੀ ਦੇ ਦਿਹਾਂਤ ਨਾਲ ਉਨ੍ਹਾਂ ਸਮੇਤ ਪੂਰੇ ਪਰਿਵਾਰ ਨੂੰ ਸਦਮਾ ਲੱਗਾ ਪਰ ਹਮੇਸ਼ਾ ਹਸਮੁੱਖ ਸੁਭਾਅ ਵਾਲੇ ਗੁਰਦਾਸ ਸਿੰਘ ਬਾਦਲ ਨੂੰ ਪੰਜਾਬ ਅੰਦਰ ਲਾਕਡਾਊਨ ਅਤੇ ਕਰਫਿਊ ਕਰਕੇ ਆਮ ਸੱਜਰੀ ਕਰਕੇ ਕਮਾਉਣ ਵਾਲੇ ਹੇਠਲੇ ਮੱਧ ਵਰਗੀ ਅਤੇ ਗਰੀਬ ਲੋਕਾਂ ਦਾ ਬਹੁਤ ਫਿਕਰ ਸੀ। 19 ਅਪ੍ਰੈਲ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਦਾਖਲ ਕਰਾਇਆ ਗਿਆ, ਜਿੱਥੇ ਉਹ 14-15 ਮਈ ਦੀ ਦਰਮਿਆਨੀ ਰਾਤ ਨੂੰ ਇਸ ਦੂਨੀਆ ਤੋਂ ਰੁਖਸਤ ਹੋ ਗਏ। ਅੱਜ 15 ਮਈ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਿਹਰ 1.00 ਵਜੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ।

error: Content is protected !!