ਏਨਾ ਜਿਆਦਾ ਆ ਗਿਆ ਬਿਜਲੀ ਦਾ ਬਿੱਲ
ਸੋਚੋ ਜੇਕਰ ਤੁਹਾਡਾ ਬਿਜਲੀ ਦਾ ਬਿੱਲ ਤੁਹਾਡੀ ਸੋਚ ਤੋਂ ਕਈ ਗੁਣਾ ਜ਼ਿਆਦਾ ਆ ਜਾਵੇ ਤਾਂ, ਤੁਹਾਨੂੰ ਕਿੰਨੇ ਜ਼ੋਰ ਦਾ ਝਟਕਾ ਲੱਗੇਗਾ । ਬਿਜਲੀ ਦਾ ਬਿੱਲ ਦੇਖ ਕੇ ਆਮ ਲੋਕਾਂ ਨੂੰ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਵੀ ਝਟਕਾ ਲੱਗ ਰਿਹਾ ਹੈ । ਅਜਿਹਾ ਹੀ ਝਟਕਾ ਲੱਗਿਆ ਹੈ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੂੰ, ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਹੈ ਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਨੇ ਜ਼ੋਰ ਦਾ ਝਟਕਾ ਦਿੱਤਾ ਹੈ ।
ਪ੍ਰੀਤ ਹਰਪਾਲ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਲਿਖਿਆ ਹੈ ‘ਸਾਵਧਾਨ ਹੋ ਜਾਓ ਲੋਕੋ ਲਾਕਡਾਊਨ ਖਤਮ ਹੋ ਚੁੱਕਾ ਹੈ । ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ 22400 ਰੁਪਏ ਆਇਆ ਹੈ । ਪੁਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰ ਰਹੀਆਂ ਹਨ । ਇੱਕ ਸਾਡੀ ਸਰਕਾਰ ਆ ਕਿ ਬਸ ਦਾਨ ਕਰੀ ਜਾਓ ਮੰਗੋ ਕੁਝ ਨਾ …. ਇਹ ਹਾਲ ਏ ਬਿਜਲੀ ਦੇ ਬਿੱਲ ਦਾ।ਘਰ ਦਾ ਕੋਈ ਚੱਕੀ ਨਹੀਂ ਚੱਲ ਰਹੀ ਸਾਡੀ । ਆਮ ਬੰਦੇ ਦਾ ਕੀ ਬਣੂੰ ਰੱਬ ਜਾਣੇ’ । ਬਿਜਲੀ ਦੇ ਬਿੱਲ ਤੋਂ ਪ੍ਰੀਤ ਹਰਪਾਲ ਹੀ ਪਰੇਸ਼ਾਨ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਰੇਸ਼ਾਨ ਹਨ । ਕੁਝ ਦਿਨ ਪਹਿਲਾਂ ਤਾਪਸੀ ਪਨੂੰ ਨੇ ਵੀ ਆਪਣੇ ਬਿਜਲੀ ਦਾ ਬਿੱਲ ਸਾਂਝਾ ਕਰਕੇ ਆਪਣਾ ਦੁੱਖੜਾ ਰੋਇਆ ਸੀ ।
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਨੇ ਹਾਲ ਹੀ ਵਿੱਚ ਆਪਣੇ ਆਉਣ ਵਾਲੇ ਨਵੇਂ ਗੀਤ ”ਮਜਬੂਰ” ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ । ਗਾਇਕ ਨੇ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿੱਥੇ ਉਸਨੇ ਰਿਲੀਜ਼ ਦੀ ਮਿਤੀ ਅਤੇ ਆਪਣੇ ਨਵੇਂ ਗਾਣੇ ਦੇ ਬਾਰੇ ਹੋਰ ਵੇਰਵਾ ਦੱਸਿਆ ਹੈ । ਇਸ ਗਾਣੇ ਦੇ ਬੋਲ ਦਿਲਜੀਤ ਚੱਟੀ ਨੇ ਲਿਖੇ ਹਨ ਅਤੇ ਪ੍ਰਤਿਕ ਰੰਧਾਵਾ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ । ਦਿਵਿਆ ਸੁਤਧਰ ਅਤੇ ਅਮਨ ਸੁਤਧਰ ਹੋਰਾ ਨੇ ਇਸ ਗਾਣੇ ਦਾ ਵੀਡੀਓ ਬਣਾਇਆ ਹੈ । ਇਹ ਗਾਣਾ 23 ਜੁਲਾਈ ਨੂੰ ਟੀਪੀਜ਼ੈਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।
ਗੀਤ ਦੇ ਟਾਈਟਲ ਤੋਂ ਲੱਗਦਾ ਹੈ ਕਿ ਉਹ ਗੀਤ ਸੈਡ ਜ਼ੌਨਰ ਦਾ ਹੋਵੇਗਾ । ਇਸ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਬਹੁਤ ਸਾਰੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਪ੍ਰੀਤ ਹਰਪਾਲ ਖੁਦ ਵੀ ਚੰਗੇ ਗੀਤਕਾਰ ਵੀ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਖੁਦ ਹੀ ਲਿਖੇ ਹੁੰਦੇ ਨੇ । ਪਰ ਉਹ ਦੂਜੇ ਗੀਤਕਾਰਾਂ ਦੇ ਲਿਖੇ ਗੀਤ ਵੀ ਗਾ ਲੈਂਦੇ ਨੇ । ਉਹ ਆਖਰੀ ਵਾਰ ਫ਼ਿਲਮ ‘ਲੁਕਣ ਮੀਚੀ’ ‘ਚ ਦਿਖਾਈ ਦਿੱਤੇ ਸਨ ।
