ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ
ਫਗਵਾੜਾ ‘ਚ ਨਿੱਜੀ ਯੂਨੀਵਰਸਿਟੀ ਦੀ ‘ਕੋਰੋਨਾ ਪਾਜ਼ੀਟਿਵ’ ਵਿਦਿਆਰਥਣ 300 ਤੋਂ ਜ਼ਿਆਦਾ ਵਿਅਕਤੀਆਂ ਦੇ ਸਿੱਧੇ ਸੰਪਰਕ ਵਿਚ ਰਹੀ ਹੈ। ਇਸ ਤੋਂ ਪਹਿਲਾਂ ਪੀੜਤ ਵਿਦਿਆਰਥਣ ਦੇ ਕਰੀਬ ਢਾਈ ਸੌ ਤੋਂ ਜ਼ਿਆਦਾ ਵਿਅਕਤੀਆਂ ਦੇ ਸੰਪਰਕ ‘ਚ ਆਉਣ ਦੀ ਜਾਣਕਾਰੀ ਸੀ। ਇਨ੍ਹਾਂ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ ਲੋਕਾਂ ਨੂੰ ਜਨ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਇਹ ਖੁਲਾਸਾ ਸੋਮਵਾਰ ਨੂੰ ਜ਼ਿਲਾ ਕਪੂਰਥਲਾ ਦੀ ਸੀ. ਐੱਮ. ਓ. ਡਾ. ਜਸਮੀਤ ਕੌਰ ਬਾਵਾ ਨੇ ਕੀਤਾ। ਬਾਵਾ ਨੇ ਕਿਹਾ ਕਿ ਸੋਮਵਾਰ ਯੂਨੀਵਰਸਿਟੀਜ਼ ਕੰਪਲੈਕਸ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਰੀਬ 14 ਹੋਰ ਵਿਦਿਆਰਥੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਲੈਬ ਭੇਜੇ ਹਨ। ਉਥੇ ਹੀ ਫਗਵਾੜਾ ‘ਚ ਇਕ ਔਰਤ ਨੂੰ ਸ਼ੱਕੀ ਪਾਏ ਜਾਣ ‘ਤੇ ਸੈਂਪਲ ਜਾਂਚ ਲਈ ਭੇਜੇ ਹਨ। ਉਕਤ ਔਰਤ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਪੱਧਰ ‘ਤੇ ਯੂਨੀਵਰਸਿਟੀ ਦੇ ਹੁਣ ਤਕ ਟੈਸਟ ਹੋਏ 34 ਵਿਦਿਆਰਥੀਆਂ ਅਤੇ ਲੋਕ 5 ਫਗਵਾੜਾ ਨਾਲ ਸਬੰਧਤ ਲੋਕਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਹੋਰ ਵਿਅਕਤੀਆਂ ਦੀ ਯੂਨੀਵਰਸਿਟੀ ਵਿਚ ਸਿਹਤ ਵਿਭਾਗ ਵੱਲੋਂ ਜਨਰਲ ਮੈਡੀਕਲ ਜਾਂਚ ਕੀਤੀ ਗਈ ਹੈ। ਉਕਤ ਜਾਂਚ ਨੂੰ 14 ਅਪ੍ਰੈਲ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵਰਗ ਅਤੇ ਯੂਨੀਵਰਸਿਟੀ ‘ਚ ਮੌਜੂਦ ਹੋਰ ਸਟਾਫ ਆਦਿ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੋਸਟਲ ਦੇ ਏਰੀਏ ਸਮੇਤ ਹੋਰ ਯੂਨੀਵਰਸਿਟੀ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਮੌਜੂਦ ਰਹੇ ਕਰੀਬ 134 ਵਿਦੇਸ਼ੀ ਵਿਦਿਆਰਥੀਆਂ ਵਿਚੋਂ ਸਿਰਫ ਇਕ ਨੂੰ ਛੱਡ ਕੇ ਸਾਰਿਆਂ ਨੂੰ ਜਹਾਜ਼ ਰਾਹੀਂ ਭੂਟਾਨ ਲਈ ਸੋਮਵਾਰ ਰਵਾਨਾ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵਲੋਂ ਭੂਟਾਨ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਡਾ. ਡੀ. ਪੀ. ਸਿੰਘ ਦੀ ਅਗਵਾਈ ਵਿਚ ਕੀਤੀ ਮੈਡੀਕਲ ਜਾਂਚ ਤੋਂ ਬਾਅਦ ਸਪੈਸ਼ਲ ਜਹਾਜ਼ ਰਾਹੀਂ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਸਪੈਸ਼ਲ ਬੱਸਾਂ ਰਾਹੀਂ ਇਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਭੇਜਿਆ ਗਿਆ ਜਿੱਥੋਂ ਜਹਾਜ਼ ਰਾਹੀਂ ਭੂਟਾਨ ਭੇਜੇ ਗਏ।
